ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਹੁਣ ਤਕ 3331 ਕਰੋੜ ਰੁਪਏ ਤੋਂ ਵਧੇਰੇ ਕੀਮਤ ਦੀ ਨਾਜਾਇਜ਼ ਸ਼ਰਾਬ, ਨਕਦੀ ਅਤੇ ਗਹਿਣੇ ਆਦਿ ਜ਼ਬਤ ਕੀਤੇ ਗਏ ਹਨ ਅਤੇ ਇਹ ਰਾਸ਼ੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਕੁਲ ਖ਼ਰਚੇ ਤੋਂ ਥੋੜੀ ਹੀ ਘੱਟ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਚਾਰ ਗੇੜਾਂ ਵਿਚ ਹੁਣ ਤਕ 3331 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ ਨਾਜਾਇਜ਼ ਸ਼ਰਾਬ, ਨਕਦੀ ਅਤੇ ਗਹਿਣੇ ਆਦਿ ਜ਼ਬਤ ਕੀਤੇ ਜਾ ਚੁੱਕੇ ਹਨ। ਜਦਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਮਿਸ਼ਨ ਦਾ ਕੁਲ ਖ਼ਰਚ 3870 ਕਰੋੜ ਰੁਪਏ ਸੀ।
ਅਜੇ ਚੋਣਾ ਦੇ ਤਿੰਨ ਗੇੜਾਂ ਦਾ ਮਤਦਾਨ ਰਹਿੰਦਾ ਹੈ। ਇਸ ਦੌਰਾਨ, ਜ਼ਬਤ ਗ਼ੈਰ-ਕਾਨੂੰਨੀ ਸਮੱਗਰੀ ਦੀ ਕੀਮਤ ਪਿਛਲੀਆਂ ਚੋਣਾਂ ਦੀ ਤੁਲਨਾ ਵਿਚ ਤਿੰਨ ਗੁਣਾ ਦੇ ਅੰਕੜੇ ਨੂੰ ਛੂਹਣ ਵਾਲੀ ਹੈ।। ਕਮਿਸ਼ਨ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਜ਼ਬਤ ਕੀਤੀ ਗਈ ਗ਼ੈਰ-ਕਾਨੂੰਨੀ ਸਮੱਗਰੀ ਦੀ ਕੁਲ ਕੀਮਤ 1200 ਕਰੋਡ ਰੁਪਏ ਸੀ।
ਕਮਿਸ਼ਨ ਦੇ ਅੰਕੜੇ ਦਸਦੇ ਹਨ ਕਿ 10 ਮਾਰਚ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੋਣ ਮਗਰੋਂ 4 ਮਈ ਤਕ ਫੜੀ ਗਈ ਨਾਜਾਇਜ਼ ਸਮੱਗਰੀ ਵਿਚ ਸਭ ਤੋਂ ਵੱਧ ਮਾਤਰਾ ਨਸ਼ੀਲੇ ਪਦਾਰਥਾਂ ਦੀ ਹੈ। ਕਮਿਸ਼ਨ ਦੇ ਜਾਂਚ ਦਲਾਂ ਨੇ ਹੁਣ ਤਕ 66, 417 ਕਿਲੋਗ੍ਰਾਮ ਤੋਂ ਜ਼ਿਆਦਾ ਨਸ਼ੀਲੇ ਪਦਾਰਥ ਫੜੇ ਹਨ। ਇਸ ਦੀ ਬਾਜ਼ਾਰ ਵਿਚ ਕੀਮਤ ਕਰੀਬ 1238.89 ਕਰੋੜ ਰੁਪਏ ਹੈ।
ਉੱਤਰ ਪ੍ਰਦੇਸ਼ 'ਚੋਂ 20 ਹਜ਼ਾਰ ਕਿਲੋਗ੍ਰਾਮ ਤੋਂ ਜ਼ਿਆਦਾ, ਮੱਧ ਪ੍ਰਦੇਸ਼ 16 ਹਜ਼ਾਰ ਅਤੇ ਮਹਾਰਾਸ਼ਟਰ ਵਿਚੋਂ 15 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥ ਫੜੇ ਜਾਣ 'ਤੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਕੁਲ 804 ਕਰੋੜ ਰੁਪਏ ਦੇ ਮੁਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ।
ਇਨ੍ਹਾਂ ਚੋਣਾਂ ਦੋਰਾਨ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਹੁਣ ਤਕ 975 ਕਰੋੜ ਰੁਪਏ ਦੇ ਗਹਿਣੇ ਫੜੇ ਗਏ ਹਨ। ਜਿਸ ਵਿਚ ਤਾਮਿਲਨਾਡੂ ਪਹਿਲੇ, ਮੱਧ ਪ੍ਰਦੇਸ਼ ਦੂਜੇ ਅਤੇ ਉੱਤਰ ਪ੍ਰਦੇਸ਼ ਤੀਜੇ ਸਥਾਨ 'ਤੇ ਹੈ। ਅੰਕੜਿਆਂ ਅਨੁਸਾਰ ਪਿਛਲੀਆਂ ਚੋਣਾਂ ਦੀ ਤੁਲਨਾ ਵਿਚ ਹੁਣ ਤਕ ਦੁੱਗਣੀ ਤੋਂ ਜ਼ਿਆਦਾ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। 4 ਮਈ ਤਕ ਪੂਰੇ ਦੇਸ਼ ਵਿਚੋਂ 799 ਕਰੋੜ ਰੁਪਏਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਵਿਚ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਹਨ।